ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।