ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ (੧੩੨੫/੨੬–੧੩੮੯/੧੩੯੦) ਦਾ ਨਾਂ ਮੁਹੰਮਦ, ਖ਼ਿਤਾਬ ਸ਼ਮਸਉਦੀਨ ਅਤੇ ਤਖ਼ੱਲਸ ਹਾਫ਼ਿਜ਼ ਸੀ। ਹਾਫ਼ਿਜ਼ ਨੇ ਖ਼ੁਦ ਅਪਣਾ ਨਾਂ ਇਉਂ ਲਿਖਿਆ ਹੈ: ਮੁਹੰਮਦ ਬਿਨ ਅਲ ਮਕਲਬ ਬਾ ਸ਼ਮਸ ਅਲ ਹਾਫ਼ਿਜ਼ ਅਲ ਸ਼ੀਰਾਜ਼ੀ। ਉਹ ਫਾਰਸੀ ਕਵੀ ਸਨ। ਉਨ੍ਹਾਂ ਦੀ ਕਵਿਤਾ ਦੇ ਦੀਵਾਨ, ਈਰਾਨ, ਅਫਗਾਨਿਸਤਾਨ ਅਤੇ ਤਾਜਿਕਸਤਾਨ ਅਤੇ ਹੋਰ ਦੇਸਾਂ ਵਿੱਚ ਵੀ ਲੋਕਾਂ ਦੇ ਘਰੀਂ ਰੱਖੇ ਹੋਏ ਹਨ। ਉਨ੍ਹਾਂ ਨੇ ੧੪ਵੀਂ ਸਦੀ ਦੇ ਬਾਅਦ ਦੀ ਫ਼ਾਰਸੀ ਕਵਿਤਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ਕਲਾਸਿਕ ਰਚਨਾ ਦੀਵਾਨ ਹੈ ਜਿਸ ਵਿਚ ਗ਼ਜ਼ਲਾਂ, ਕਸੀਦੇ, ਕਾਵਿ ਟੋਟੇ ਅਤੇ ਰੁਬਾਈਆਂ ਹਨ। ਇਹ ਦੀਵਾਨ ਉਹਨਾਂ ਨੇ ਖ਼ੁਦ ਸੰਪਾਦਿਤ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਸਮਕਾਲੀ ਮੁਹੰਮਦ ਗੁੱਲ ਅਨਦਾਮ ਨੇ ਕੀਤਾ।ਇਸ ਦੇ ਇਲਾਵਾ ਹਾਫ਼ਿਜ਼ ਨੇ ਕੁਰਆਨ ਦੀ ਵਿਆਖਿਆ ਵੀ ਕੀਤੀ। ਹਾਫ਼ਿਜ਼ ਸ਼ੀਰਾਜ਼ੀ ਦੀ ਸ਼ਾਇਰੀ ਕਈ ਬੋਲੀਆਂ 'ਚ ਉਲਥਾਈ ਜਾ ਚੁੱਕੀ ਹੈ। ਅਸੀਂ ਉਨ੍ਹਾਂ ਦੀਆਂ ਭਾਈ ਰਾਮ ਸਿੰਘ ਗ੍ਰੰਥੀ ਦੁਆਰਾ ਉਲੱਥਾ ਕੀਤੀਆਂ ਰਚਨਾਵਾਂ ਦੇ ਰਹੇ ਹਾਂ ।